ਟ੍ਰੇਨਾਂ ਅਤੇ ਰੇਲਵੇ ਫ਼ਾਟਕ
ਟ੍ਰੇਨਾਂ ਅਤੇ ਰੇਲ ਪਟੜੀਆਂ ਦੇ ਆਸ-ਪਾਸ ਗੱਡੀ ਚਲਾਉਂਦੇ ਸਮੇਂ ਵੱਧ ਸਾਵਧਾਨੀ ਵਰਤੋ।
ਰੇਲਵੇ ਫ਼ਾਟਕ
ਰੇਲਵੇ ਫ਼ਾਟਕ ਉਹ ਚੌਰਾਹਾ ਹੁੰਦਾ ਹੈ ਜਿੱਥੇ ਰੇਲ ਦੀ ਪਟੜੀ ਅਤੇ ਸੜਕ ਇੱਕੋ ਪੱਧਰ ਉੱਤੇ ਇੱਕ-ਦੂਜੇ ਨੂੰ ਕੱਟਦੀਆਂ ਹਨ। ਇਸ ਲਾਂਘੇ 'ਤੇ ਰੇਲਵੇ ਫ਼ਾਟਕ ਦੇ ਚਿੰਨ੍ਹ ਅਤੇ/ਜਾਂ ਸੜਕ ਉੱਤੇ ਪੀਲੀਆਂ ਆਡੀਆਂ-ਤਿਰਛੀਆਂ ਲਾਈਨਾਂ ਬਣੀਆਂ ਹੋ ਸਕਦੀਆਂ ਹਨ।
ਰੇਲ ਪਟੜੀਆਂ ਨੂੰ ਹਮੇਸ਼ਾ ਖ਼ਾਲੀ ਰੱਖੋ
ਜੇਕਰ ਟ੍ਰੈਫਿਕ ਹੌਲੀ-ਹੌਲੀ ਤੁਰ ਰਿਹਾ ਹੁੰਦਾ ਹੈ, ਤਾਂ ਰੇਲਵੇ ਫ਼ਾਟਕ ਤੋਂ ਪਹਿਲਾਂ ਰੁਕ ਜਾਓ। ਪਟੜੀਆਂ ਦੇ ਖ਼ਾਲੀ ਹੋਣ ਤੱਕ ਉਡੀਕ ਕਰੋ। ਆਪਣੀ ਜਾਨ ਨੂੰ ਖ਼ਤਰੇ ਵਿੱਚ ਨਾ ਪਾਓ।
ਰੇਲਵੇ ਫ਼ਾਟਕ ਦੇ ਆਸ-ਪਾਸ ਗੱਡੀ ਚਲਾਉਂਦੇ ਸਮੇਂ, ਤੁਹਾਨੂੰ ਲਾਜ਼ਮੀ:
- ਸਾਰੇ ਚਿੰਨ੍ਹਾਂ ਅਤੇ ਸੰਕੇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ, ਜਿਸ ਵਿੱਚ ਰੁਕਣ ਅਤੇ ਰਸਤਾ ਦੇਣ ਵਾਲੇ ਚਿੰਨ੍ਹ ਵੀ ਸ਼ਾਮਲ ਹਨ
- ਰੇਲ ਪਟੜੀਆਂ ਨੂੰ ਖ਼ਾਲੀ ਰੱਖਣਾ ਚਾਹੀਦਾ ਹੈ ਅਤੇ ਜਦੋਂ ਤੱਕ ਦੂਜੇ ਪਾਸੇ ਲੰਘਣ ਲਈ ਕਾਫ਼ੀ ਜਗ੍ਹਾ ਨਾ ਹੋਵੇ, ਤਾਂ ਕਦੇ ਵੀ ਫ਼ਾਟਕ ਵਿੱਚ ਦਾਖ਼ਲ ਨਾ ਹੋਵੋ
- ਕਦੇ ਵੀ ਉਨ੍ਹਾਂ ਬੂਮ ਗੇਟਾਂ ਵਿਚੋਂ ਗੱਡੀ ਨਾ ਲੰਘਾਓ ਜੋ ਬੰਦ ਹਨ, ਉੱਪਰ ਜਾ ਰਹੇ ਹਨ ਜਾਂ ਹੇਠਾਂ ਨੂੰ ਆ ਰਹੇ ਹਨ
- ਕਦੇ ਵੀ ਪੀਲੀਆਂ ਲਾਈਨਾਂ ਨਾਲ ਰੰਗੇ ਖੇਤਰਾਂ ਵਿੱਚ ਨਾ ਰੁਕੋ।
ਤੁਹਾਨੂੰ ਹਮੇਸ਼ਾ ਪਟੜੀਆਂ ਨੂੰ ਖ਼ਾਲੀ ਰੱਖਣਾ ਚਾਹੀਦਾ ਹੈ, ਭਾਵੇਂ ਤੁਹਾਨੂੰ ਟ੍ਰੇਨ ਨਜ਼ਰ ਨਾ ਆ ਰਹੀ ਹੋਵੇ।
ਜੇਕਰ ਕਿਸੇ ਰੇਲਵੇ ਫ਼ਾਟਕ ਉੱਤੇ ਗੇਟ, ਬੂਮ ਗੇਟ ਜਾਂ ਫਲੈਸ਼ਿੰਗ ਲਾਈਟਾਂ ਲੱਗੀਆਂ ਹੋਈਆਂ ਹਨ, ਤਾਂ ਤੁਹਾਨੂੰ ਉਦੋਂ ਤੱਕ ਉਡੀਕ ਕਰਨੀ ਚਾਹੀਦੀ ਹੈ ਜਦੋਂ ਤੱਕ ਇਹ ਸੰਕੇਤ ਜਗਣੇ-ਬੁਝਣੇ ਬੰਦ ਨਾ ਹੋ ਜਾਣ ਅਤੇ ਗੇਟ ਪੂਰੀ ਤਰ੍ਹਾਂ ਖੁੱਲ ਨਾ ਜਾਣ।
ਰੁਕਣ ਦੇ ਚਿੰਨ੍ਹ ਦੀ ਪਾਲਣਾ ਕਰੋ
ਜਿਨ੍ਹਾਂ ਰੇਲਵੇ ਫ਼ਾਟਕਾਂ ਉੱਤੇ ਕੋਈ ਰੁਕਾਵਟਾਂ ਜਾਂ ਲਾਈਟਾਂ ਨਹੀਂ ਲੱਗੀਆਂ ਹੁੰਦੀਆਂ, ਉੱਥੇ ਤੁਹਾਨੂੰ ਹੌਲੀ ਹੋਣਾ ਚਾਹੀਦਾ ਹੈ ਅਤੇ ‘ਰੁਕਣ’ ਅਤੇ ‘ਰਸਤਾ ਦੇਣ’ ਵਾਲੇ ਚਿੰਨ੍ਹਾਂ ਦੀ ਪਾਲਣਾ ਕਰਨੀ ਚਾਹੀਦੀ ਹੈ।
ਹੌਲੀ ਹੋਣ ਨਾਲ, ਜੇਕਰ ਟ੍ਰੇਨ ਆ ਰਹੀ ਹੋਵੇ ਤਾਂ ਤੁਸੀਂ ਸਮੇਂ ਸਿਰ ਰੁਕ ਸਕੋਗੇ ਅਤੇ ਟੱਕਰ ਤੋਂ ਬਚ ਸਕੋਗੇ।
ਰੇਲ ਪਟੜੀਆਂ ਦੇ ਆਸ-ਪਾਸ ਗੱਡੀ ਚਲਾਉਣ ਲਈ ਸੁਝਾਅ
- ਰੁਕਣ, ਦੇਖਣ ਅਤੇ ਟ੍ਰੇਨ ਦੇ ਕਿਸੇ ਵੀ ਸੰਕੇਤ ਨੂੰ ਸੁਣਨ ਦੀ ਆਦਤ ਪਾਓ।
- ਹਰ ਰੇਲਵੇ ਫ਼ਾਟਕ 'ਤੇ ਚੇਤਾਵਨੀ ਵਾਲੀਆਂ ਘੰਟੀਆਂ ਅਤੇ ਲਾਈਟਾਂ ਨਹੀਂ ਲੱਗੀਆਂ ਹੁੰਦੀਆਂ। ਆਪਣੀ ਸੁਰੱਖਿਆ ਲਈ, ਹਮੇਸ਼ਾ ਇਹ ਮੰਨ ਕੇ ਚੱਲੋ ਕਿ ਟ੍ਰੇਨ ਆ ਸਕਦੀ ਹੈ।
- ਹਮੇਸ਼ਾ ਰੇਲ ਪਟੜੀਆਂ ਨੂੰ ਖ਼ਾਲੀ ਰੱਖੋ, ਹੌਲੀ ਹੋਵੋ ਅਤੇ ਰੁਕਣ ਲਈ ਤਿਆਰ ਰਹੋ।
- ਟ੍ਰੇਨਾਂ ਇੱਕੋ ਪਟੜੀ ਉੱਤੇ ਦੋਵੇਂ ਦਿਸ਼ਾਵਾਂ ਵਿੱਚ ਅਤੇ ਕਈ ਪਟੜੀਆਂ ਉੱਤੇ ਚੱਲ ਰਹੀਆਂ ਹੋ ਸਕਦੀਆਂ ਹਨ। ਇੱਕੋ ਸਮੇਂ ਰੇਲਵੇ ਫ਼ਾਟਕਾਂ ਵਿੱਚੋਂ ਇੱਕ ਤੋਂ ਵੱਧ ਟ੍ਰੇਨਾਂ ਦੇ ਲੰਘਣ ਪ੍ਰਤੀ ਸੁਚੇਤ ਰਹੋ।
- ਟ੍ਰੇਨ ਦੇ ਆਉਣ ਦਾ ਪਤਾ ਕਰਨ ਲਈ ਕਦੇ ਵੀ ਸਮਾਂ-ਸੂਚੀ ਉੱਤੇ ਨਿਰਭਰ ਨਾ ਕਰੋ।
- ਕਦੇ ਵੀ ਰੇਲਵੇ ਫ਼ਾਟਕਾਂ ਤੱਕ ਟ੍ਰੇਨ ਨਾਲ ਦੌੜ ਨਾ ਲਗਾਓ।
- ਦੂਰ ਦਿੱਖ ਰਹੀਆਂ ਟ੍ਰੇਨਾਂ ਅਕਸਰ ਜਿੰਨੀ ਦੂਰ ਦਿਸਦੀਆਂ ਹਨ, ਉਸ ਤੋਂ ਨੇੜੇ ਅਤੇ ਜ਼ਿਆਦਾ ਤੇਜ਼ੀ ਨਾਲ ਆ ਰਹੀਆਂ ਹੁੰਦੀਆਂ ਹਨ।
ਰੇਲਵੇ ਫ਼ਾਟਕਾਂ ਦੇ ਆਸ-ਪਾਸ ਗੱਡੀ ਚਲਾਉਣ ਲਈ ਨਿਯਮ
ਟ੍ਰੇਨਾਂ ਅਤੇ ਰੇਲਵੇ ਫ਼ਾਟਕਾਂ ਨਾਲ ਸੜਕ ਸਾਂਝੀ ਕਰਨ ਦੇ ਨਿਯਮ ਸੜਕ ਸੁਰੱਖਿਆ ਸੜਕ ਨਿਯਮ 2017 ਵਿੱਚ ਪ੍ਰਕਾਸ਼ਿਤ ਹਨ।
- ਭਾਗ 10 - ਰੇਲਵੇ ਫ਼ਾਟਕ (ਨਿਯਮ 120-124)
- ਨਿਯਮ 235 - ਰੇਲਵੇ ਫ਼ਾਟਕ ਪਾਰ ਕਰਨਾ
- ਨਿਯਮ 235A - ਲਾਲ ਬੱਤੀ ਵਾਲੀ ਪੈਦਲ ਯਾਤਰੀਆਂ ਵਾਲੀ ਲਾਈਟ ਨਾਲ ਰੇਲਵੇ ਫ਼ਾਟਕ ਪਾਰ ਕਰਨਾ